3.31.2016

ਲੰਗਰ ਤੇ ਸਿੱਖੀ

ਮੇਰਾ ਖਿਆਲ ਹੈ ਤੇ ਇਹ ਸ਼ਾਇਦ ਸਿਰਫ ਮੇਰਾ ਖਿਆਲ ਹੀ ਨਹੀਂ ਸਗੋਂ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਸਾਨੂੰ ਲੰਗਰ ਦੀ ਪ੍ਰੰਪਰਾ ਕਾਇਮ ਰੱਖਣੀ ਚਾਹੀਦੀ ਹੈ। ਧਰਮ ਦੇ ਨਾਂ ਉਪਰ ਹੀ ਸਹੀ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਕਰਦੀ ਹੈ। ਅਸੀਂ ਸਾਰੇ ਪਹਿਲੀ ਵਾਰ ਤੇ ਫਿਰ ਹਰ ਵਾਰ ਆਪਣੇ ਹੰਕਾਰ, ਆਪਣੇ ਅਹੰ ਚੋਂ ਬਾਹਰ ਨਿਕਲ ਕੇ ਸਾਂਝੇ ਤੌਰ ਤੇ ਲੰਗਰ ਛਕਦੇ ਹਾਂ। ਇਹ ਸਾਨੂੰ ਸਾਰਿਆਂ ਨੂੰ ਇਕੋ ਜਿਹੇ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਸਾਨੂੰ ਸਾਡੇ ਪੁਰਾਣੇ ਵਿਰਸੇ ਨਾਲ ਜੋੜਦੀ ਹੈ। ਇਹ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਇਤਿਹਾਸ ਨੂੰ ਸਮਝਣ ਤੇ ਉਸ ਪ੍ਰਤੀ ਆਪਣਾ ਨਜ਼ਰੀਆ ਬਣਾਉਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤਰ੍ਹਾਂ ਦਾ ਅਹਿਸਾਸ ਹੋਰ ਕਿਤੇ ਨਹੀਂ ਹੁੰਦਾ, ਨਾ ਗੁਰਦੁਆਰਿਆਂ ਵਿੱਚ, ਨਾ ਪੁਸਤਕਾਂ ਵਿੱਚ, ਨਾ ਬਾਣੀ-ਗੁਰਬਾਣੀ ਦੇ ਕੀਰਤਨ ਵਿੱਚ, ਨਾ ਕਥਾਵਾਚਕਾਂ ਦੇ ਵਖਿਆਨਾਂ ਵਿੱਚ ਨਾ ਕਿਤੇ ਹੋਰ। ਅਸੀਂ ਸਰੋਵਰ ਵਿੱਚ ਇਸ਼ਨਾਨ ਕਰਦੇ ਹੋਏ ਆਪਣੇ ਆੇਲੇ ਦੁਆਲੇ ਅਦਿੱਖ ਪਰਦਾ ਕਰ ਲੈਂਦੇ ਹਾਂ ਤੇ ਆਪਣੇ ਆਪ ਨੂੰ ਆਲੇ ਦੁਆਲੇ ਨਾਲੋਂ ਵੱਖ ਕਰ ਲੈਂਦੇ ਹਾਂ। ਕਥਾ ਕੀਰਤਨ ਵੇਲੇ ਵੀ ਅਸੀਂ ਆਪਣੇ ਆਪ ਨਾਲ ਹੀ ਹੁੰਦੇ ਹਾਂ, ਪਰ ਲੰਗਰ ਵਿੱਚ ਅਸੀਂ ਆਪਣੇ ਭੁੱਖ ਨਾਲ ਉਸ ਭੋਜਨ ਨਾਲ ਹੁੰਦੇ ਹਾਂ ਜੋ ਸਾਨੂੰ ਲੰਗਰ ਦੇ ਰੂਪ ਵਿੱਚ ਵਰਤਾਇਆ ਜਾ ਰਿਹਾ ਹੁੰਦਾ ਹੈ। ਇਸ ਲਈ ਲੰਗਰ ਦੀ ਪ੍ਰੰਪਰਾ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਾਇਦ ਇਹੋ ਗੱਲ ਸਾਨੂੰ ਦੂਜਿਆਂ ਫਿਰਕਿਆਂ ਤੇ ਮਜ਼ਹਬਾਂ ਨਾਲੋਂ ਵੱਖ ਕਰਦੀ ਹੈ। ਲੰਗਰ ਛਕਣ ਨਾਲ ਅਸੀਂ ਸਮਾਜਕ ਤੌਰ ਤੇ ਇੱਕ ਜੁੱਟ ਇੱਕ ਇੱਕਾਈ ਵੱਜੋਂ ਬੱਝ ਜਾਂਦੇ ਹਾਂ ਜਿਵੇਂ ਪੰਜ ਉਂਗਲਾਂ ਦੀ ਇੱਕ ਮੁੱਠ ਬੱਝ ਕੇ ਘਸੁੰਨ ਬਣਨ ਲਈ ਤਿਆਰ ਹੋ ਗਈ ਹੋਵੇ। ਭੁੱਖੇ ਨੂੰ ਭੋਜਨ ਛਕਾ ਕੇ ਉਸ ਦੀ ਭੁੱਖ ਮਿਟਾ ਦੇਣਾ ਇਨਸਾਨੀਅਤ ਦਾ ਸੱਭ ਤੋਂ ਉੱਤਮ ਕਾਰਜ ਹੈ। ਜੇ ਇਹ ਸਿੱਖਾਂ ਦੇ ਹਿੱਸੇ ਆਇਆ ਹੈ ਤਾਂ ਸਿੱਖਾਂ ਨੂੰ ਇਹ ਕਾਰਜ ਕਰਦੇ ਰਹਿਣਾ ਚਾਹੀਦਾ ਹੈ।

ਕੁਝ ਲੋਕ ਇਹ ਵਿਚਾਰ ਦਿੰਦੇ ਹਨ ਕਿ ਲੰਗਰ ਦੀ ਬਜਾਏ ਗਰੀਬ ਗੁਰਬਿਆਂ ਨੂੰ ਮਹੀਨੇ ਦਾ ਰਾਸ਼ਨ ਦੇਣਾ ਚਾਹੀਦਾ ਹੈ। ਇਹ ਸਮਾਜਕ ਕਾਰਜ ਹੈ। ਸਮਾਜ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰਾਂ ਲੋਕਾਂ ਤੋਂ ਲਗਭਗ 45% ਟੈਕਸ ਵਸੂਲਦੀਆਂ ਹਨ ਜਿਹੜਾ ਸਿੱਧੇ ਤੇ ਅਸਿੱਧੇ ਤੌਰ ਤੇ ਜਬਰਨ ਲਿਆ ਜਾਂਦਾ ਹੈ। ਹਰ ਆਦਮੀ ਆਪਣੀ ਕਮਾਈ ਦਾ 45% ਸਰਕਾਰ ਨੂੰ ਦਿੰਦਾ ਹੈ। (ਇਹ ਪੁਰਾਣੇ ਰਾਜਿਆਂ ਦੇ ਤੀਜੇ ਹਿੱਸੇ ਵਾਲੇ ਫਾਰਮੂਲੇ ਤੋਂ ਵੀ ਵੱਧ ਹੈ।) ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋੜਵੰਦਾਂ ਨੂੰ ਸੂਚੀ ਬੱਧ ਕਰੇ ਤੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰਖੇ। ਪਰ ਭ੍ਰਿਸ਼ਟਾਚਾਰ ਨੇ ਸਰਕਾਰ ਦਾ ਇਹ ਸ਼ਿਸ਼ਟਾਚਾਰ ਪੂਰੀ ਤਰ੍ਹਾਂ ਸਮੇਟ ਦਿੱਤਾ ਹੈ। ਸਰਕਾਰ ਨੇ ਇਹ ਕੰਮ ਛੱਡ ਦਿਤਾ ਹੈ ਜਿਸ ਨੂੰ ਹੁਣ ਨਿੱਜੀ ਸੰਸਥਾਵਾਂ ਆਪਣੇ ਹੱਥ ਵਿੱਚ ਲੈਣਾ ਚਾਹੁੰਦੀਆਂ ਹਨ। ਇਸ ਦੇ ਦੋ ਕਾਰਨ ਹਨ, ਪਹਿਲਾ, ਕਿ ਇਸ ਤਰ੍ਹਾਂ ਦੇ ਦਾਨ ਪੁੰਨ ਕਰਕੇ ਉਹ ਗਰੀਬਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਨ ਤਾਂ ਜੋ ਉਹ ਕਦੇ ਵੀ ਆਪਣੇ ਲਈ ਇੱਕ ਬਿਹਤਰ ਜ਼ਿੰਦਗੀ ਦਾ ਖਾਬ ਨਾ ਦੇਖਣ ਸਕਣ। ਦੂਜਾ ਗਰੀਬੀ ਦਾ ਮੂਲ ਕਾਰਨ ਲੱਭ ਕੇ ਉਸ ਨੂੰ ਖਤਮ ਕਰਨ ਦੀ ਬਜਾਏ ਉਹ ਗਰੀਬੀ ਵਾਸਤੇ ਕਰਮਾਂ ਅਤੇ ਕਿਸਮਤ ਨੂੰ ਜਿੰਮੇਵਾਰ ਠਹਿਰਾਉਂਦੇ ਹਨ। ਮੇਰੀ ਸਮਝ ਵਿੱਚ ਇਹ ਦੋਵੇਂ ਕੰਮ ਗ਼ਲਤ ਹਨ। ਇਹ ਸਮਾਜ ਤੇ ਸਮਾਜਕ ਵਿਵਸਥਾ ਨੂੰ ਸਹੀ ਸੇਧ ਨਹੀਂ ਦੇ ਸਕਣਗੇ। ਅਸੀ  ਸਾਰੇ ਜਾਣਦੇ ਹਾਂ ਕਿ ਗਰੀਬ ਹੋਣਾ ਇੱਕ ਸੱਭ ਤੋਂ ਵੱਡੀ ਦੁਰਦਸ਼ਾ ਹੈ ਤੇ ਮਨੁੱਖ ਨੂੰ ਕਈ ਤਰ੍ਹਾਂ ਦੇ ਕੰਮ ਕਰਨ ਉਪਰ ਮਜ਼ਬੂਰ ਕਰਦੀ ਹੈ। ਗਰੀਬੀ ਦਾ ਇੱਕ ਸਿੱਧਾ ਕਾਰਨ ਅਮੀਰੀ ਹੈ। ਕੋਈ ਵਿਅਕਤੀ ਇਸ ਲਈ ਅਮੀਰ ਨਹੀਂ ਕਿ ਉਹ ਕਿਸਮਤ ਵਾਲਾ ਹੈ, ਜਾਂ ਉਸ ਦੀ ਤਿਜੌਰੀ ਵਿੱਚ ਢੇਰ ਸਾਰਾ ਰੁਪਿਆ ਹੈ।

ਇੱਕ ਮਜ਼ਦੂਰ ਨੂੰ ਕੰਮ ਕਰਦੇ ਦੇਖੋ, ਉਹ ਕਿਸੇ ਵੀ ਆਮ ਵਿਅਕਤੀ ਨਾਲੋਂ ਵੱਧ ਮਿਹਨਤ ਕਰਦਾ ਹੈ ਪਰ ਫਿਰ ਵੀ ਉਹ ਗਰੀਬ ਹੈ। ਉਸ ਦੇ ਮੁਕਾਬਲੇ ਇੱਕ ਧਨਾਢ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ ਫਿਰ ਵੀ ਲੱਖਾਂ ਵਿੱਚ ਖੇਡਦਾ ਹੈ। ਇਸ ਦਾ ਸਹੀ ਕਾਰਨ ਉਹ ਵਿਵਸਥਾ ਹੈ ਜਿਸ ਵਿੱਚ ਗਰੀਬ ਨੂੰ ਵੱਧ ਮਿਹਨਤ ਕਰਕੇ ਉਸ ਦਾ ਹੱਕ ਨਹੀਂ ਮਿਲਦਾ ਤੇ ਅਮੀਰ ਕੁਝ ਵੀ ਨਾ ਕਰਕੇ ਦੂਜਿਆਂ ਦਾ ਹੱਕ ਮਾਰਦਾ ਹੈ। ਬਾਬੇ ਨਾਨਕ ਨੇ ਸਿੱਖਾਂ ਨੂੰ ਦਸ ਨਹੁੰਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿਤਾ। ਉਸ ਦੇ ਘਰ ਵਿੱਚ ਉਸ ਦਾ ਪਿਤਾ ਪਟਵਾਰੀ ਸੀ ਤੇ ਉਸ ਨੇ ਇੱਕ ਪਟਵਾਰੀ ਦੇ ਆਲੇ ਦੁਆਲੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਦਾ ਤਾਣਾ ਬਾਣਾ ਜਰੂਰ ਦੇਖਿਆ ਹੋਵੇਗਾ ਤੇ ਇਸੇ ਲਈ ਰਿਸ਼ਵਤ ਹੱਕ ਮਾਰਾ, ਹਰਾਮ ਖਾਣਾ, ਵਰਗੇ ਸ਼ਬਦ ਬਾਬੇ ਨਾਨਕ ਦੀ ਬਾਣੀ ਵਿੱਚ ਮਿਲਦੇ ਹਨ।

ਗੁਰੂ ਬਾਬੇ ਨੇ ਆਪਣੇ ਆਖਰੀ ਸਾਲਾਂ ਵਿੱਚ ਕਰਤਾਰ ਪੁਰ ਵਿਖੇ ਰਹਿ ਕੇ ਖੇਤੀ ਕੀਤੀ। ਪੂਰੇ ਅਠਾਰਾਂ ਸਾਲਾਂ ਵਿੱਚ ਉਸ ਨੇ ਹਲ ਵਾਹਿਆ, ਫਸਲ ਬੀਜੀ ਤੇ ਇੱਕ ਸਧਾਰਨ ਮਨੁੱਖ ਵਾਂਗ ਜੀਵਨ ਬਤੀਤ ਕੀਤਾ। ਕੀ ਇਸ ਨੂੰ ਅੱਖੌਂ ਪਰੋਖੇ ਕੀਤਾ ਜਾ ਸਕਦਾ ਹੈ। ਉਸ ਨੇ ਜਿਹੜੀ ਵੀ ਜਿਨਸ ਉਨ੍ਹਾਂ ਵੇਲਿਆਂ ਵਿੱਚ ਬੀਜੀ ਜਾਂਦੀ ਹੋਵੇਗੀ, ਨੂੰ ਬੀਜਿਆ, ਪਾਲਿਆ ਤੇ ਫਿਰ ਵੱਢ ਕੇ ਵੇਚਿਆ ਹੋਵੇਗਾ। ਉਹ ਸਾਰੇ ਕੰਮ ਕੀਤੇ ਹੋਣਗੇ ਜਿਹੜੇ ਇੱਕ ਸਧਾਰਨ ਕਿਸਾਨ ਕਰਦਾ ਹੈ। ਉਸ ਨੇ ਹਾਲੀ ਪਾਲੀ ਵੀ ਰੱਖੇ ਹੋਣਗੇ। ਪਰ ਸਾਨੂੰ ਇਸ ਸੱਭ ਕਾਸੇ ਦਾ ਬਹੁਤਾ ਜ਼ਿਕਰ ਇਤਿਹਾਸ ਚੋਂ ਨਹੀਂ ਮਿਲਦਾ। ਉਸ ਨੇ ਦੀਵਾਨ ਨਹੀਂ ਸਜਾਏ, ਕੋਈ ਸਿੱਖੀ ਸੇਵਕੀ ਨਹੀਂ ਇੱਕਠੀ ਕੀਤੀ। ਉਹ ਇੱਕ ਵਿਚਾਰ ਸੀ ਤੇ ਵਿਚਾਰ ਬਣ ਕੇ ਸਦਾ ਜੀਵਿਆ। ਇਸ ਸੱਭ ਕੁਝ ਨੂੰ ਸਮਝਦੇ ਹੋਏ ਬਾਬੇ ਨਾਨਕ ਨੇ ਸਿੱਖਾਂ ਨੂੰ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿਤਾ। ਸੋ ਹਰ ਵਿਅਕਤੀ ਨੂੰ ਕਿਰਤ ਕਰਨੀ ਚਾਹੀਦੀ ਹੈ ਤੇ ਜੇ ਉਸ ਨੂੰ ਉਸ ਦੀ ਕਿਰਤ ਦਾ ਪੂਰਾ ਮੁੱਲ ਮਿਲਦਾ ਹੈ ਤਾਂ ਉਹ ਗਰੀਬ ਕਿਵੇਂ ਹੋਵੇਗਾ।

ਧਰਮ ਦੇ ਨਾਂ ਉਪਰ ਅਰਦਾਸਾਂ ਕਰਕੇ ਕਦੇ ਕਿਸੇ ਨੇ ਇਹ ਅਕਲ ਨਹੀਂ ਮੰਗੀ ਕਿ ਉਹ ਕਿਰਤੀ ਨੂੰ ਉਸ ਦੀ ਕਿਰਤ ਦਾ ਹੱਕ ਅਦਾ ਕਰੇ। ਉਹ ਆਪਣੇ ਲਈ ਹੋਰ ਸੁੱਖ, ਸੁਵਿਧਾਵਾਂ ਤੇ ਮਾਇਆ ਦਾ ਪਰਤਾਪ ਜਰੂਰ ਮੰਗਦਾ ਹੈ।

ਸਿੱਖ ਰੋਜ਼ ਅਰਦਾਸ ਕਰਦੇ ਹਨ ਕਿ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉਚੀ ਪਰ ਹੁੰਦਾ ਇਸ ਦੇ ਉਲਟ ਹੈ।  ਸਿੱਖਾਂ ਦਾ ਮਨ ਉੱਚਾ ਜਾ ਰਿਹਾ ਹੈ ਤੇ ਮੱਤ ਨੀਵੀਂ ਜਾ ਰਹੀ ਹੈ। ਇਸ ਲਈ ਸਿੱਖਾਂ ਨੂੰ ਕਿਰਤੀਆਂ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਜਦੋਂ ਮੈਂ ਇਹ ਗੱਲ ਲਿਖ ਰਿਹਾ ਹਾਂ ਤਾਂ ਲਾਜ਼ਮੀ ਹੀ ਉਸ ਸਮਾਜ ਦੀ ਤਸਵੀਰ ਮੇਰੇ ਮਨ ਵਿੱਚ ਵੀ ਉਭਰਦੀ ਹੈ ਜਿਹੜੀ ਸਿੱਖਾਂ ਲਈ ਇੱਕ ਆਦਰਸ਼ ਸਮਾਜ ਦਾ ਖਾਕਾ ਉਲੀਕ ਸਕਦੀ ਹੈ। ਯਕੀਨ ਮੰਨਿਓ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਬਹੁਤ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਮਿਲਦੀ ਹੈ। ਪਰ ਸਿੱਖ ਇਸ ਤੋਂ ਅਲਗਰਜ਼ ਪਤਾ ਨਹੀਂ ਕਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ। ਪੰਨਾ 345 ਉਪਰ ਰਾਗ ਗਉੜੀ ਗੁਆਰੇਰੀ ਵਿੱਚ ਦਰਜ ਇਸ ਸ਼ਬਦ  ਵਿਚਾਰ ਕਰ ਲੈਣਾ-

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ  ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ  ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

ਬੇਗਮ ਪੁਰਾ ਇੱਕ ਅਜਿਹਾ ਸ਼ਹਿਰ ਜਿਥੇ ਕੋਈ ਦੁੱਖ ਤੇ ਅੰਦੇਸ਼ਾ ਨਾ ਹੋਵੇ। ਨਾ ਕੋਈ ਕਰ ਵਿਵਸਥਾ ਹੋਵੇ, (ਤਸਵੀਸ ਖਿਰਾਜੁ ਨਾ ਮਾਲੁ : ਇਹ ਸਾਰੇ ਕਰ ਹਨ ਜੋ ਅਦਾ ਕਰਨੇ ਪੈਂਦੇ ਹਨ।) ਨਾ ਡਰ ਹੋਵੇ ਤੇ ਨਾ ਮੈਂ ਕਿਸੇ ਦੇ ਤਰਸ ਦਾ ਪਾਤਰ ਬਣਾਂ। ਇਹ ਜਿਹੇ ਦੇਸ਼ ਵਿੱਚ ਪਹੁੰਚ ਕੇ ਹਰ ਤਰ੍ਹਾਂ ਦੀ ਖੁਸ਼ੀ ਤੇ ਸਲਾਮਤੀ ਮਿਲੇ। ਅਜਿਹੀ ਵਿਵਸਥਾ (ਪਾਤਸ਼ਾਹੀ) ਸਦਾ ਕਾਇਮ ਰਹੇ ਜਿਥੇ ਨਾ ਜਾਤ ਪਾਤ ਹੈ, ਨਾ ਊਚ ਨੀਚ, ਨਾ ਅਮੀਰੀ ਗਰੀਬੀ, ਨਾ ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ। ਮੈਂ ਨਹੀਂ ਸਮਝਦਾ ਕਿ ਇਸ ਸ਼ਬਦ ਵਿੱਚ ਕੋਈ ਅਧਿਆਤਮਕ ਸੰਕੇਤ ਹੈ। ਬੇਗਮ ਪੁਰਾ ਸਿੱਧਾ ਸਾਦਾ ਸਮਾਜਕ ਤੇ ਆਰਥਕ ਮੈਨੀਫੈਸਟੋ ਹੈ ਤੇ ਇਹ ਤੁਹਾਨੂੰ ਸਿੱਖ ਹੋ ਕੇ ਇਸ ਵਿੱਚ ਦਿਤੇ ਨਿਰਦੇਸ਼ਾਂ ਅਨੁਸਾਰ ਸਮਾਜ ਸਿਰਜਣ ਦਾ ਸੱਦਾ ਦਿੰਦਾ ਹੈ। ਜੇ ਤੁਸੀਂ ਇਸ ਨੂੰ ਨਹੀਂ ਮੰਨਦੇ ਜਾਂ ਕਿਊੰ ਪਰਤੂੰ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਰਾਹ ਬਾਬੇ ਨਾਨਕ ਦੇ ਰਾਹ ਤੋਂ ਵੱਖਰਾ ਹੈ। ਦਾਨ ਦੇ ਕੇ ਵੱਡੇ ਬਣਨ ਦੀ ਇੱਛਾ ਤੁਹਾਡੀ ਨਿੱਜੀ ਹੋ ਸਕਦੀ ਹੈ। ਜੇ ਹਰ ਕਿਰਤੀ ਨੂੰ ਉਸ ਦੀ ਕਿਰਤ ਦਾ ਸਹੀ ਤੇ ਬਣਦਾ ਮੁੱਲ ਮਿਲਦਾ ਹੈ ਤਾਂ ਮੇਰੀ ਸਮਝ ਅਨੁਸਾਰ ਕੋਈ ਗਰੀਬ ਨਹੀਂ ਹੋਵੇਗਾ ਤੇ ਨਾ ਹੀ ਕੋਈ ਕਿਰਤੀਆਂ ਦੀ ਮਿਹਨਤ ਨੂੰ ਚੂਸਣ ਵਾਲਾ ਧਨਾਢ। ਮੈਂ ਯਾਦ ਦਿਵਾ ਦਿਆਂ, ਕਿ ਇਹ ਸ਼ਬਦ ਮਹਾਨ ਕਿਰਤੀ ਦੇ ਦਿਲ ਦੀ ਅਵਾਜ਼ ਹੈ ਜਿਸ ਦੀ ਬਾਣੀ ਨੂੰ ਅਸੀ ਹਰ ਰੋਜ਼ ਮੱਥਾ ਟੇਕਦੇ ਹਾਂ। 

No comments:

Post a Comment