5.04.2016

ਵਿਵਸਥਾ ਤੇ ਅਵਸਥਾ



ਦੋ ਸ਼ਬਦ ਸਮਝ ਲੈਣੇ ਬਹੁਤ ਜ਼ਰੂਰੀ ਹਨ, ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲ ਦਾ ਕੋਈ ਸਿਰਾ ਛੋਹੀਏ, ਵਿਵਸਥਾ ਤੇ ਅਵਸਥਾ, ਦੋਵੇਂ ਸ਼ਬਦ ਪੰਜਾਬੀ ਹਿੰਦੀ ਵਿੱਚ ਆਮ ਮਿਲਦੇ ਹਨ ਤੇ ਵਰਤੋਂ ਵਿੱਚ ਆਉਂਦੇ ਹਨ। ਦੇਖਣ ਸੁਨਣ ਨੂੰ ਇੱਕੋ ਜਿਹੇ ਹੋਣ ਕਰਕੇ ਦੋਹਾਂ ਨੂੰ ਇੱਕ ਦੂਜੇ ਦੇ ਅਰਥਾਂ ਵਿੱਚ ਵੀ ਵਰਤੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਵਿਵਸਥਾ ਅਸਲ ਵਿੱਚ ਇੱਕ ਪ੍ਰਬੰਧ ਹੈ ਜੋ ਚੀਜ਼ਾਂ – ਵਸਤੂਆਂ ਨੂੰ ਇੱਕ ਦੂਜੇ ਦੇ ਸਬੰਧ ਵਿੱਚ ਇੱਕ ਦੂਜੇ ਨਾਲ ਕਿਸੇ ਤਰ੍ਹਾਂ ਜੋੜੀ ਰਖਦਾ ਹੈ। ਇਹ ਵਰਗੀਕਰਨ ਵੀ ਹੋ ਸਕਦਾ ਹੈ ਤੇ ਗਿਆਨ ਵੀ ਪਰ ਹੁੰਦੀ ਇਹ ਵਿਵਸਥਾ ਹੀ ਜੋ ਬਦਲਦੀ ਨਹੀਂ। ਅਵਸਥਾ ਇੱਕ ਸਮੇਂ ਦੀ ਹਾਲਤ ਹੈ ਜਦੋਂ ਅਸੀਂ ਉਨ੍ਹਾਂ ਚੀਜ਼ਾਂ – ਵਸਤੂਆਂ ਦੇ ਇੱਕ ਥਾਂ ਪਏ ਹੋਣ ਦਾ ਬੋਧ ਕਰਦੇ ਹਾਂ।
ਵਿਵਸਥਾ ਬਾਹਰ ਮੁੱਖੀ ਹੈ, ਇਹ ਪੂਰੀ ਤਰ੍ਹਾਂ ਆਬਜੈਕਿਟਵ ਹੈ, ਜਦੋਂ ਕਿ ਅਵਸਥਾ ਦਾ ਬੋਧ ਅੰਤਰਮੁਖੀ ਹੁੰਦਾ ਹੈ। ਵਿਵਸਥਾ ਵਿੱਚ ਤਬਦੀਲੀ ਨਹੀਂ ਹੁੰਦੀ ਜਦੋਂ ਕਿ ਅਵਸਥਾ ਬਦਲਦੀ ਰਹਿੰਦੀ ਹੈ। ਹਰ ਪਲ ਅਵਸਥਾ ਬਦਲ ਜਾਂਦੀ ਹੈ। ਵਿਵਸਥਾ ਦੇ ਬਦਲਣ ਨਾਲ ਸੱਭ ਕੁਝ ਉਥਲ ਪੁਥਲ ਹੋ ਜਾਂਦਾ ਹੈ। ਇਹ ਉਸ ਕਰੀਨੇ ਦੀ ਤਰ੍ਹਾਂ ਹੈ ਜਿਹੜਾ ਕਿਸੇ ਮਕਾਨ ਨੂੰ ਘਰ ਬਣਾਉਂਦਾ ਹੈ। ਇਸ ਵਿੱਚ ਪਈਆਂ ਚੀਜ਼ਾਂ ਸਾਂਭੀਆਂ ਸਿਕਰੀਆਂ ਹੁੰਦੀਆਂ ਹਨ ਤੇ ਥਾਂਉਂ ਥਾਂਉਂ ਟਿਕਾ ਕੇ ਰਖੀਆਂ ਹੁੰਦੀਆਂ ਹਨ। ਇਸ ਨੂੰ ਬਦਲ ਦਿਓ ਘਰ ਦਾ ਨਕਸ਼ਾ ਹੀ ਬਦਲ ਜਾਂਦਾ ਹੈ। ਅਵਸਥਾ ਹਰ ਘਰ ਦੀ ਇੱਕ ਸਮੇਂ ਦੀ ਹਾਲਤ ਹੈ। ਰੋਟੀ ਪਕਾਉਣ ਵੇਲੇ ਜਿਵੇਂ ਸੁਆਣੀ ਚੀਜ਼ਾਂ ਨੂੰ ਵਰਤਣ ਵਾਸਤੇ ਬਾਹਰ ਕੱਢਦੀ ਹੈ ਤਾਂ ਉਹ ਇੱਕ ਸਮੇਂ ਦੀ ਰਸੋਈ ਦੀ ਅਵਸਥਾ ਹੈ, ਪਰਤੂੰ ਰੋਟੀ ਪਕਾ ਲੈਣ ਤੋਂ ਬਾਦ ਉਹੀ ਚੀਜ਼ਾਂ ਉਹ ਥਾਂ ਟਿਕਾਣੇ ਪੁਰ ਰੱਖ ਦਿੰਦੀ ਹੈ। ਇਹ ਉਸ ਰਸੋਈ ਦੀ ਵਿਵਸਥਾ ਹੈ।
ਵਿਵਸਥਾ ਹਮੇਸ਼ਾ ਕੁਝ ਖਾਸ ਨਿਯਮਾਂ ਉਪਰ ਟਿਕੀ ਹੁੰਦੀ ਹੈ। ਇਨ੍ਹਾਂ ਨਿਯਮਾਂ ਨੂੰ ਘੋਖਣ ਉਪਰ ਵਿਵਸਥਾ ਬਾਰੇ ਸਮਝ ਆਉਂਦੀ ਹੈ ਤੇ ਨਾਲ ਹੀ ਉਸ ਸੁਆਣੀ ਦੇ ਸੁਘੜ ਹੋਣ ਦਾ ਵੀ ਪਤਾ ਲਗਦਾ ਹੈ। ਕੰਪਤੁਟਰ ਦੇ ਆਉਣ ਤੋਂ ਪਹਿਲਾਂ ਕਿਸੇ ਦਫਤਰ ਦਾ ਮੇਜ਼ ਇੱਕ ਖਾਸ ਢੰਗ ਨਾਲ ਸਜਾਇਆ ਜਾਂਦਾ ਸੀ। ਕਲਮਾਂ, ਕਲਮਦਾਨ, ਕਾਗਜ਼, ਸਿਆਹੀ, ਸਿਆਹੀ ਚੂਸ, ਡਾਇਰੀ, ਕੈਲੰਡਰ, ਲਿਖਣ ਵਾਲੀ ਮੇਜ਼, ਕਿਤਾਬਾਂ, ਨੋਟ ਬੁੱਕ, ਰਜਿਸਟਰ ਤੇ ਫਾਈਲਾਂ ਸਹੀ ਥਾਂ ਉਪਰ ਟਿਕਾਏ ਜਾਣ ਦਾ ਰਿਵਾਜ਼ ਹੁੰਦਾ ਸੀ। ਇਹ ਸੱਭ ਕੁਝ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਲੋੜ ਪੈਣ ਉਪਰ ਜਰੂਰੀ ਕਾਗਜ਼, ਦਸਤਾਵੇਜ਼, ਰਿਕਾਰਡ ਕੰਮ ਕਰਨ ਲਈ ਸਾਹਮਣੇ ਲਿਆਂਦਾ ਜਾ ਸਕੇ। ਇਸ ਵਾਸਤੇ ਹਰ ਦਫਤਰ ਵਿੱਚ ਇੱਕ ਚਪੜਾਸੀ, ਇੱਕ ਕਲਰਕ, ਇੱਕ ਸਟੋਰ ਕੀਪਰ, ਇੱਕ ਡਿਸਪੈਚ ਕਲਰਕ ਦੀ ਲੋੜ ਪੈਂਦੀ ਸੀ। ਪਰ ਹੁਣ ਕੰਪਿਊਟਰ ਦੇ ਨਾਲ਼ ਨਾਲ ਸਿਰਫ ਅਵਸਥਾ ਬਦਲੀ ਹੈ, ਵਿਵਸਥਾ ਨਹੀਂ। ਇੱਕ ਮਸ਼ੀਨ ਸਾਰੇ ਕੰਮ ਕਰ ਰਹੀ ਹੈ। ਇੱਕ ਹੀ ਕੰਪਊਟਰ ਤੁਹਾਡਾ ਸਟੋਰ ਕੀਪਰ ਹੈ, ਕਲਰਕ ਹੈ, ਚਪੜਾਸੀ ਹੈ, ਡਾਕ ਦਾ ਹਿਸਾਬ ਰੱਖਣ ਵਾਲਾ ਹੈ, ਪੜ੍ਹਨ ਲਿਖਣ ਵਾਲਾ ਮੇਜ਼ ਹੈ ਮਤਲਬ ਇੱਕ ਹੀ ਕੰਪਊਟਰ ਇੱਕ ਨਹੀਂ ਸਗੋਂ ਕਈ ਦਫਤਰਾਂ ਦਾ ਕੰਮ ਇੱਕ ਵੇਲੇ ਦੇਖ ਸਕਦਾ ਹੈ। ਇਸ ਵਿੱਚ ਸਿਰਫ ਅਵਸਥਾ ਬਦਲੀ ਹੈ, ਵਿਵਸਥਾ ਨਹੀਂ।ਸਾਡੀ ਜੀਵਨ ਸ਼ੈਲੀ ਦੀ ਵੀ ਇੱਕ ਖਾਸ ਵਿਵਸਥਾ ਹੈ ਜਿਸ ਨੂੰ ਅਸੀਂ ਆਪ ਘੜਦੇ ਹਾਂ। ਇਸ ਦੇ ਆਪਣੇ ਕੁਝ ਖਾਸ ਨਿਯਮ ਹੁੰਦੇ ਹਨ ਜੋ ਸਾਡੀ ਅਵਸਥਾ ਉਪਰ ਅਸਰ ਪਾਉਂਦੇ ਹਨ।
ਸਾਡੀ ਅਵਸਥਾ ਦਰਅਸਲ ਉਨ੍ਹਾਂ ਨਿਯਮਾਂ ਦਾ ਇੱਕ ਵਰਤਾਰਾ ਹੈ। ਇਸ ਨੂੰ ਸੁਧਾਰਨ ਵਾਸਤੇ ਸਾਨੂੰ ਵਿਵਸਥਾ ਨੂੰ ਸਮਝਣਾ ਪੈਂਦਾ ਹੈ ਤੇ ਵਿਵਸਥਾ ਅਨੁਸਾਰ ਸਾਰੇ ਫੈਸਲੇ ਕਰਨੇ ਪੈਂਦੇ ਹਨ।  ਵਿਵਸਥਾ ਇੱਕ order or arrangement of things or system ਹੈ ਜਦੋਂ ਕਿ ਸਾਡੀ ਅਵਸਥਾ ਜੋ ਇੱਕ ਸਮੇਂ ਦੀ state of being ਹੈ। ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਇਹ ਸਾਡੀ ਅਵਸਥਾ ਹੈ, ਪਰ ਇਹ ਦੁਨੀਆ ਕਿਵੇਂ ਕੰਮ ਕਰਦੀ ਹੈ ਇਹ ਉਸ ਦੀ ਵਿਵਸਥਾ ਤੋਂ ਜਾਣਿਆ ਜਾ ਸਕਦਾ ਹੈ। ਕਿਸੇ ਦੇਸ਼ ਦਾ ਰਾਜਨੀਤਕ ਤੇ ਆਰਥਕ ਢਾਂਚਾ ਉਥੋਂ ਦੀ ਰਾਜਨੀਤਕ ਤੇ ਆਰਥਕ ਵਿਵਸਥਾ ਉਪਰ ਨਿਰਭਰ ਕਰਦਾ ਹੈ। ਇਸ ਵਾਸਤੇ ਉਹ ਨਿਯਮ ਬਣਾਉਂਦੇ ਹਨ ਤੇ ਸਾਰਾ ਕੰਮ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਹੁੰਦਾ ਹੈ। ਸਭਿਅਤਾ ਵਿਵਸਥਾ ਹੈ ਤੇ ਸਭਿਆਚਾਰ ਅਵਸਥਾ।
ਧਰਤੀ – ਚੰਦ- ਸੂਰਜ ਤੇ ਇਸ ਦੇ ਨੌਂ ਗ੍ਰਹਿ ਸਾਡੇ ਸੂਰਜੀ ਮੰਡਲ ਦੀ ਆਪਣੀ ਇੱਕ ਵਿਵਸਥਾ ਹੈ। ਗੰਭੀਰ ਅਧਿਅਨ ਤੋਂ ਪਤਾ ਲਗਦਾ ਹੈ ਕਿ ਪੂਰਾ ਬ੍ਰਹਿਮੰਡ ਆਪਣੇ ਆਪ ਵਿੱਚ ਇੱਕ ਵਿਵਸਥਾ ਵਿੱਚ ਵਾਪਰ ਰਿਹਾ ਹੈ। ਇੱਕ ਦਿਨ ਦੇ ਚੌਵੀ ਘੰਟੇ, ਹਰ ਘੰਟੇ ਵਿੱਚ 60 ਮਿੰਟ, ਧਰਤੀ ਦਾ ਆਪਣੇ ਧੁਰੇ ਉਪਰ ਘੁੰਮਣਾ, 365 ¼ ਦਿਨਾਂ ਵਿੱਚ ਸੂਰਜ ਦੁਆਲੇ ਇੱਕ ਚੱਕਰ ਲਾਉਣਾ, ਰੁੱਤਾਂ ਦਾ ਬਦਲਣਾ, ਧਰਤੀ ਦਾ ਝੁਕਾਅ, ਪਾਣੀ ਦਾ ਜਲ-ਚੱਕਰ, ਵਰਖਾ, ਮਾਨਸੂਨ, ਬੱਦਲਾਂ ਦਾ ਅਸਮਾਨ ਵਿੱਚ ਵਿਚਰਨਾ, ਚੁੰਬਕੀ ਤਰੰਗਾਂ, ਇਲੈਕਰੋਨਿਕਸ ਦਾ ਵਤੀਰਾ, ਅਸਮਾਨ ਵਿੱਚ ਗ੍ਰਹਿਣ ਦੀ ਪ੍ਰੀਕ੍ਰਿਆ, ਬ੍ਰਹਮੰਡ ਵਿੱਚ ਸੂਰਜ ਮੰਡਲ, ਗਲੈਕਸੀਆਂ, ਬਿੱਗ ਬੈਂਗ, ਗਲੈਕਸੀ ਦੀ ਖਿਲਾਅ ਵਿੱਚ ਆਪਣੀ ਰਫਤਾਰ, ਧਰਤੀ ਦੀ ਆਪਣੀ ਗਤੀ ਇਹ ਸੱਭ ਕੁਝ ਇੱਕ ਵਿਸ਼ਾਲ ਵਿਵਸਥਾ ਦਾ ਵਰਤਾਰਾ ਹੀ ਤਾਂ ਹਨ। ਇਸ ਦੇ ਆਪਣੇ ਨਿਯਮ ਹਨ ਤੇ ਇਨ੍ਹਾਂ ਨਿਯਮਾਂ ਨੂੰ ਜਾਣ ਲੈਣ ਤੋਂ ਬਾਦ ਮਨੁੱਖ ਇਹ ਸਮਝਣ ਤੇ ਦੱਸਣ ਦੇ ਯੋਗ ਹੋਇਆ ਹੈ ਕਿ ਅੱਗੇ ਕੀ ਹੋਵੇਗਾ। ਜੋ ਵੀ ਹਿਸਾਬ ਕਿਤਾਬ ਮਨੁੱਖ ਨੇ ਲਗਾਇਆ ਇਸ ਦੇ ਸਹੀ ਤੇ ਦਰੁਸਤ ਹੋਣ ਦਾ ਸੱਭ ਵੱਡਾ ਸਬੂਤ ਹੈ ਬ੍ਰਹਿਮੰਡ ਵਿੱਚ ਸਾਡੇ ਯੰਤਰਾਂ ਦੀ ਮੋਜੂਦਗੀ। ਅਸੀਂ ਹੁਣ ਦੂਰਬੀਨਾਂ ਵਰਗੇ ਅਜਿਹੇ ਯੰਤਰ ਸਥਾਪਤ ਕਰ ਚੁੱਕੇ ਹਾਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਬ੍ਰਹਿਮੰਡ ਵਿੱਚ ਅਰਬਾਂ ਕਿਲੋਮੀਟਰ ਦੂਰ ਵਾਪਰ ਰਹੀ ਕਿਸੇ ਘਟਨਾ ਨੂੰ ਜਾਣ ਸਕਦੇ ਹਾਂ।
ਵਿਗਿਆਨੀ ਇਸ ਵਿਵਸਥਾ ਨੂੰ ਲੱਭਣ ਤੇ ਜਾਣਨ ਦਾ ਕੰਮ ਕਰਦੇ ਹਨ। ਉਹ ਹਰ ਤਰ੍ਹਾਂ ਦੀ ਘੋਖ ਪੜਤਾਲ ਕਰਦੇ ਹਨ ਤੇ ਕੁਦਰਤ ਦੇ ਹਰ ਵਰਤਾਰੇ ਦੀ ਨਿਯਮਾਂ ਸਹਿਤ ਵਿਆਖਿਆ ਕਰਦੇ ਹਨ। ਇਨ੍ਹਾਂ ਨਿਯਮਾਂ ਨੂੰ ਉਹ ਵਿਗਿਆਨ ਦੇ ਵੱਖ ਵੱਖ ਅਦਾਰਿਆਂ ਵਿੱਚ ਵੰਡ ਕੇ ਸਮਝਦੇ ਹਨ। ਜਿਹੜੇ ਨਿਯਮ ਜੀਵਾਂ ਦੀ ਜ਼ਿੰਦਗੀ ਨਾਲ ਸਬੰਧਤ ਹੋਣ ਉਨ੍ਹਾਂ ਨੂੰ ਬਾਇਲੋਜੀ ਦੇ ਵਿਸ਼ੇ ਵਿੱਚ ਰਖਿਆ ਜਾਂਦਾ ਹੈ। ਰਸਾਇਣਾਂ ਬਾਰੇ ਸਾਰੇ ਨਿਯਮ ਰਸਾਇਣ ਵਿਗਿਆਨ ਅਧੀਨ ਆਉਂਦੇ ਹਨ। ਬੀਮਾਰੀਆਂ ਤੇ ਮਨੁੱਖੀ ਸਰੀਰ ਨਾਲ ਸਬੰਧਤ ਸਾਰੇ ਵਿਸ਼ੇ ਮੈਡੀਕਲ ਵਿਗਿਆਨ ਦਾ ਹਿੱਸਾ ਹਨ। ਇਸੇ ਤਰ੍ਹਾਂ ਭੌਤਿਕ ਸ਼ਾਸ਼ਤਰ, ਖਗੋਲ ਸ਼ਾਸ਼ਤਰ ਅਤੇ ਅਜਿਹੇ ਹੀ ਹੋਰ ਕਿੰਨੇ ਸਾਰੇ ਵਿਸ਼ੇ ਹਨ ਜਿਨ੍ਹਾਂ ਵਿੱਚ ਸਾਡੇ ਆਲੇ ਦੁਆਲੇ ਦੀ ਵਿਵਸਥਾ ਦੇ ਨਿਯਮ ਸਮਝੇ, ਜਾਣੇ ਤੇ ਪਰਖੇ ਜਾਂਦੇ ਹਨ। ਇਸ ਖੇਤਰ ਵਿੱਚ ਵਿਗਿਆਨ ਨਿਰੰਤਰ ਪ੍ਰਗਤੀ ਦੇ ਰਾਹ ਉਪਰ ਹੈ। ਅਜੇ ਕੁਝ ਹੀ ਵਰ੍ਹੇ ਪਹਿਲਾਂ ਮਨੁੱਖ ਨੇ ਕੰਪਿਊਟਰ ਵਰਗੇ ਯੰਤਰ ਬਣਾਏ ਹਨ ਜਿਨ੍ਹਾਂ ਵਿੱਚ ਸਾਫਟਵੇਅਰ ਦੀ ਵਰਤੋਂ ਨਾਲ ਤਕਨੋਲੋਜੀ ਨਾਂ ਦੀ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਤਕਨੋਲੋਜੀ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿਤਾ ਹੈ। ਅੱਜ ਉਹ ਸੱਭ ਕੁਝ ਸੰਭਵ ਹੋ ਰਿਹਾ ਹੈ ਜੋ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਸੀ।ਤਕਨੋਲੋਜੀ ਮਨੁਖ ਦੀ ਬਣਾਈ ਵਿਵਸਥਾ ਹੈ, ਜਦੋਂ ਕਿ ਸਾਡੇ ਆਲੇ ਦੁਆਲੇ ਵਾਪਰਨ ਵਾਲੀ ਵਿਵਸਥਾ ਜਿਸ ਨੂੰ ਅਸੀਂ ਕੁਦਰਤ ਵੀ ਆਖਦੇ ਹਾਂ, ਇਸ ਦੇ ਨਿਯਮ ਕੁਰਦਤੀ ਹੀ ਵਿਕਸਤ ਹੋਏ ਹਨ। ਕੁਦਰਤ ਦੀ ਵਿਵਸਥਾ ਇੱਕ ਖਾਸ ਤਰ੍ਹਾਂ ਦੀ ਨਿਯਮਬੱਧ ਤਰੀਕੇ ਨਾਲ ਪ੍ਰਗਟ ਹੁੰਦੀ ਹੈ। ਜੋ ਸਾਨੂੰ ਨਜ਼ਰ ਆਉਂਦਾ ਹੈ, ਕੁਦਰਤ ਦੇ ਰੂਪ ਵਿੱਚ, ਇਹ ਉਸ ਵਿਵਸਥਾ ਦਾ ਵਰਤਾਰਾ ਹੈ ਜੋ ਸਾਡੇ ਆਲਾ ਦੁਆਲੇ ਵਾਪਰਦਾ ਹੈ। ਵਿਗਿਆਨ ਨੇ ਇਸ ਨੂੰ ਮਾਦੇ ਦੇ ਰੂਪ ਵਿੱਚ ਪਰਖਿਆ, ਘੋਖਿਆ ਹੈ ਤੇ ਇਸ ਦੇ ਹਰ ਵਰਤਾਰੇ ਦੀ ਪੜਚੋਲ ਕੀਤੀ ਹੈ। ਹੁਣ ਅਸੀਂ ਜਾਣ ਸਕੇ ਹਾਂ ਕਿ ਇਸ ਮਾਦੇ ਦੇ ਸੱਭ ਤੋਂ ਮਹੀਨ ਤੇ ਸੂਖਮ ਕਣ ਦੇ ਵਿੱਚ ਵੀ ਅਸੀਂ ਐਟਮ ਤੇ ਉਸ ਦੇ ਵੱਖ ਵੱਖ ਹਿੱਸਿਆਂ ਬਾਰੇ ਜਾਣ ਲਿਆ ਹੈ। ਮਨੁੱਖੀ ਸਰੀਰ ਦੇ ਸੱਭ ਤੋਂ ਸੂਖ ਹਿੱਸੇ ਨੂੰ ਕੋਸ਼ਿਕਾ ਦੇ ਰੂਪ ਵਿੱਚ ਸਮਝਿਆ ਹੈ ਤੇ ਇਸ ਦੀ ਵਿਵਸਥਾ ਨੂੰ ਜਾਣਨ ਲਈ ਇਸ ਦੇ ਸਾਰੇ ਨਿਯਮਾਂ ਬਾਰੇ ਸਮਝਿਆ ਹੈ। ਕੁਦਰਤ ਦੀ ਵਿਵਸਥਾ ਤੇ ਕੁਦਰਤ ਦੇ ਵਰਤਾਰੇ ਦਾ ਸਾਡੀ ਅਵਸਥਾ ਉਪਰ ਹੋਣ ਵਾਲੇ ਸਾਰੇ ਅਸਰਾਂ ਬਾਰੇ ਵੀ ਜਾਣਿਆ ਹੈ।
ਕੁਦਰਤ ਦੀ ਇਸ ਵਿਵਸਥਾ ਨੂੰ ਸਮਝਣ ਦਾ ਯਤਨ ਕੋਈ ਅਨੋਖਾ ਨਹੀਂ। ਮਨੁੱਖ ਦੇ ਇਤਿਹਾਸ ਨੂੰ ਫੋਲਣ ਉਪਰ ਤੁਹਾਨੂੰ ਮਨੁੱਖ ਦੇ ਇਸ ਯਤਨ ਪਿਛੇ ਨਿਰੰਤਰ ਵਿਕਾਸ ਦਾ ਕ੍ਰਮ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਇਸ ਦਾ ਵਿਗਿਆਨਕ ਪਹਿਲੂ ਇਹ ਹੈ ਕਿ ਇਸ ਨੂੰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ, ਜਦੋਂ ਮਨੁੱਖਾਂ ਅੰਦਰ ਆਪਣੇ ਆਲੇ ਦੁਆਲੇ ਦਾ ਜ਼ਿਆਦਾ ਬੋਧ ਨਹੀਂ ਸੀ ਤੇ ਉਹ ਆਪੋ ਆਪਣੀ ਸਭਿਅਤਾ ਵਿੱਚ ਹੀ ਵਿਚਰਦੇ ਸਨ ਇਨ੍ਹਾਂ ਸਭਿਆਤਾਵਾਂ ਵਿਚਾਲੇ ਕੋਈ ਪੱਕੇ ਪੀਢੇ ਸੰਚਾਰ ਸਾਧਨ ਵੀ ਮੋਜੂਦ ਨਹੀਂ ਸਨ, ਫਿਰ ਵੀ ਇਸ ਵਿਕਾਸ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਭਾਰਤੀ ਸਭਿਅਤਾ ਵਾਂਗ ਜਿਹੜੇ ਵਿਸ਼ਵਾਸ ਤੇ ਵਤੀਰੇ ਤੁਹਾਨੂੰ ਭਾਰਤ ਦੀਆਂ ਪੁਰਾਣੀਆਂ ਸਭਿਅਤਾਵਾਂ ਵਿੱਚ ਲੱਭਦੇ ਹਨ ਲਗਭਗ ਉਹੀ ਵਤੀਰੇ ਤੇ ਵਰਤਾਰੇ ਤੁਹਾਨੂੰ ਮਿਸਰ, ਯੂਨਾਨ, ਚੀਨ, ਅਫਰੀਕਨ ਸਭਿਆਤਾਵਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਦੇ ਜਾਂਦੇ ਹਨ। ਕੈਲੰਡਰ ਹਰ ਥਾਂ ਚੰਦ ਦੇ ਵਰਤਾਰੇ ਨਾਲ ਜੁੜਿਆ ਹੋਇਆ ਹੈ। ਸੁਰਜ ਨੂੰ ਦੇਵਤਾ ਰੇ ਰੂਪ ਵਿੱਚ ਹਰ ਥਾਂ ਇੱਕੋ ਜਿਹਾ ਵੇਖਿਆ ਸਮਝਿਆ ਜਾਂਦਾ ਹੈ। ਅੱਗ ਹਰ ਥਾਂ ਪਵਿੱਤਰ ਸਮਝੀ ਜਾਂਦੀ ਹੈ। ਹਰ ਥਾਂ ਤੁਹਾਨੂੰ ਦੇਵੀ ਦੇਵਤਿਆਂ ਦਾ ਕ੍ਰਮ ਲੱਭਦਾ ਹੈ ਜੋ ਪਿਛੇ ਕੁਦਰਤ ਦੇ ਕਿਸੇ ਵਰਤਾਰੇ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਕੀ ਇਹ ਖਾਸ ਗੱਲ ਨਹੀਂ?
ਅਸਲ ਵਿੱਚ ਮਨੁੱਖ ਨੇ ਜਿਵੇਂ ਜਿਵੇਂ ਆਪਣੀ ਸਮਝ ਤੇ ਸੋਝੀ ਦਾ ਵਿਕਾਸ ਕੀਤਾ ਉਵੇਂ ਉਵੇਂ ਉਸ ਨੇ ਕੁਦਰਤ ਦੇ ਹਰ ਵਰਤਾਰੇ ਨੂੰ ਸਮਝਣ ਤੇ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਵਿੱਚ ਇੱਕ ਕ੍ਰਮ ਦੇਖਿਆ ਜਾ ਸਕਦਾ ਹੈ, ਪਰ ਇਹ ਸਿਰਫ ਉਸੇ ਨੂੰ ਹੀ ਸਮਝ ਆਏਗੀ ਜਿਹੜਾ ਮਾਦੇ ਦੇ ਵਿਕਾਸ ਦੀ ਕਹਾਣੀ ਪੜ੍ਹਦਾ ਤੇ ਸਮਝਦਾ ਹੈ। ਜਿਹੜਾ ਇਸ ਨੂੰ ਧਾਰਮਕ ਨਜ਼ਰੀਏ ਨਾਲ ਸੋਚਦਾ ਤੇ ਦੇਖਦਾ ਹੈ ਉਹ ਕਦੇ ਵੀ ਕੁਦਰਤ ਦੀ ਬਾਹਰ ਮੁੱਖੀ ਵਿਵਸਥਾ ਦਾ ਅਧਿਅਨ ਨਹੀਂ ਕਰ ਸਕਦਾ। ਧਾਰਮਕ ਨਜ਼ਰੀਏ ਤੋਂ ਬਗੈਰ ਵਿਚਰਨ ਵਾਲੇ ਵਿਅਕਤੀ ਨੂੰ ਕਿੰਨਾ ਕੁਝ ਆਖਿਆ ਜਾਂਦਾ ਹੈ, ਨਾਸਤਿਕ, ਨਿਗੁਰਾ, ਸਿਰਫਿਰਿਆ, ਬਾਗੀ, ਦੀਵਾਨਾ, ਮੂਰਖ, ਰੱਬ ਤੋਂ ਮੁਨਕਰ ਤੇ ਹੋਰ ਪਤਾ ਨਹੀਂ ਕੀ ਕੁਝ; ਪਰ ਕੀ ਤੁਸੀਂ ਜਾਣਦੇ ਹੋ ਕਿ ਕੋਈ ਵੀ ਵਿਅਕਤੀ ਜੋ ਇਸ ਸੰਸਾਰ ਵਿੱਚ ਵਿਚਰਦਾ ਹੈ, ਉਹ ਕੁਦਰਤ ਦੀ ਇਸ ਵਿਵਸਥਾ ਤੋਂ ਬਾਹਰ ਹੀਂ ਹੈ। ਵਿਗਿਆਨੀ ਵੀ ਇਸ ਵਿਵਸਥਾ ਦੇ ਪਿਛੇ ਨਿਯਮਾਂ ਨੂੰ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਇਨ੍ਹਾਂ ਨੂੰ ਆਪਣੇ ਤਰੀਕੇ ਨਾਲ ਪਰਖਦਾ ਹੈ ਤੇ ਆਪਣੇ ਨਤੀਜਿਆਂ ਦੀ ਪੜਤਾਲ ਕਰਦਾ ਹੈ। ਉਹ ਆਪਣੀ ਜਾਣਕਾਰੀ ਨੂੰ ਇਸ ਢੰਗ ਨਾਲ ਵਰਤਦਾ ਹੈ ਜਿਸ ਨਾਲ ਜੀਵਨ ਦੀ ਗੁਣਾਤਮਕ ਤਬਦੀਲੀ ਕੀਤੀ ਜਾ ਸਕੇ। ਇੰਜੀਨੀਅਰ ਭਾਫ ਦੇ ਸਿਧਾਂਤ ਦੀ ਵਰਤੋਂ ਕਰਕੇ ਭਾਫ ਦਾ ਇੰਜਣ ਬਣਾਉਂਦਾ ਹੈ ਤੇ ਜੀਵਨ ਵਿੱਚ ਰਫਤਾਰ ਭਰਦਾ ਹੈ। ਬਿਜਲੀ ਦੀ ਖੋਜ ਦਾ ਇਤਿਹਾਸ ਵਿਵਸਥਾ ਦੇ ਨਿਯਮਾਂ ਦੀ ਮਦਦ ਨਾਲ ਅਵਸਥਾ ਨੂੰ ਬਦਲਣ ਦੇ ਤਰੀਕੇ ਦੀ ਰੋਚਕ ਕਹਾਣੀ ਹੈ। ਵਿਗਿਆਨ ਦੀ ਕਹਾਣੀ ਮਨੁੱਖ ਦੇ ਵਿਕਾਸ ਦੀ ਕਹਾਣੀ ਹੈ। ਇਸ ਨੂੰ ਕਿਵੇਂ ਵੀ ਝੁਠਲਾਇਆ ਨਹੀਂ ਜਾ ਸਕਦਾ।ਮਨੁੱਖ ਨੇ ਵਿਵਸਥਾ ਨੂੰ ਸਮਝਿਆ ਤੇ ਉਸ ਦੀ ਬਾਕਾਇਦਗੀ ਦੀ ਆਪੋ ਆਪਣੇ ਤਰੀਕੇ ਨਾਲ ਵਿਆਖਿਆ ਕੀਤੀ। ਇਹ ਉਸ ਦੀ ਤਰਕਸੰਗਤ ਹੋਣ ਦੀ ਯੁਕਤੀ ਸੀ ਕਿ ਉਹ ਦੇਵੀ ਦੇਵਤਿਆਂ ਦੀ ਕਲਪਨਾ ਕਰ ਸਕਿਆ।
ਜੇ ਉਹ ਅਜਿਹਾ ਨਾ ਕਰਦਾ ਤਾਂ ਫਿਰ ਕੀ ਹੁੰਦਾ? ਇਹ ਵਿਚਾਰਨ ਵਾਲੀ ਗੱਲ ਹੈ। ਜੇ ਭਲਾ ਸੋਝੀ ਦਾ ਵਿਕਾਸ ਦਾ ਹੋਇਆ ਹੁੰਦਾ ਤਾਂ ਕੁਝ ਇਸ ਤਰ੍ਹਾਂ ਵੀ ਤਾਂ ਸੋਚਿਆ ਜਾ ਸਕਦਾ ਸੀ ਕਿ ਮਨੁੱਖ ਇਸ ਧਰਤੀ ਉਪਰ ਏਲੀਅਨ ਹੈ ਤੇ ਕਿਸੇ ਹੋਰ ਗ੍ਰਹਿ ਤੋਂ ਆਇਆ ਹੈ। ਉਸ ਨੇ ਇਸ ਧਰਤੀ ਦਾ ਵਾਤਾਵਰਨ ਬਣਾਇਆ। ਇਹ ਜੀਵ ਜੰਤੂ, ਰੁੱਖ ਬਨਾਸਪਤੀ ਉਹ ਆਪਣੇ ਨਾਲ ਲੈ ਕੇ ਆਇਆ। ਮੰਗਲ ਉਪਰ ਇਸ ਦਾ ਸਵਰਗ ਹੈ ਤੇ ਸ਼ੁੱਕਰ ਉਪਰ ਨਰਕ, ਮਰਕੇ ਸਾਰੇ ਮਨੁੱਖ ਸ਼ਨੀ ਗ੍ਰਹਿ ਉਪਰ ਪਹੁੰਚਦੇ ਹਨ ਜਿਥੋਂ ਉਨ੍ਹਾਂ ਦੇ ਕੰਮਾਂ ਦਾ ਹਿਸਾਬ ਕੀਤਾ ਜਾਂਦਾ ਹੈ ਤੇ ਫਿਰ ਉਨ੍ਹਾਂ ਦੇ ਕਰਮਾਂ ਦੇ ਅਧਾਰ ਤੇ ਨਰਗ ਤੇ ਸੁਰਗ ਮਿਲਦੇ ਹਨ। ਜੇ ਕਿਸੇ ਧਾਰਮਕ ਗ੍ਰੰਥ ਵਿੱਚ ਇਹ ਸਾਰਾ ਕੁਝ ਏਦਾਂ ਲਿਖਿਆ ਮਿਲਦਾ ਤਾਂ ਫੇਰ ਕੀ ਹੋਣਾ ਸੀ? ਪਰ ਇਸ ਤਰ੍ਹਾਂ ਨਹੀਂ ਹੈ। ਮਨੁੱਖ ਦੀ ਵਿਵਸਥਾ ਨੂੰ ਜਾਣਨ ਦੀ ਕੋਸ਼ਿਸ਼ ਦਾ ਵੀ ਬਾਕਾਇਦਾ ਵਿਕਾਸ ਹੋਇਆ ਉਸ ਨੇ ਇਸ ਵੀ ਵਿਆਖਿਆ ਆਪਣੇ ਆਲੇ ਦੁਆਲੇ ਦੀ ਅਵਸਥਾ ਨੂੰ ਸਮਝਣ ਦੇ ਯਤਨ ਵੱਜੋਂ ਕੀਤੀ ਤੇ ਹੌਲੀ ਹੌਲੀ ਉਹ ਵਿਗਿਆਨ ਨਾਲ ਜੁੜ ਗਿਆ।
ਇਸ ਵਿਕਾਸ ਦੀ ਕਹਾਣੀ ਵਿੱਚ ਕਈ ਪੜਾਅ ਆਏ, ਜਿਨ੍ਹਾਂ ਚੋਂ ਮਿਥਿਹਾਸ ਤੇ ਧਰਮ ਦੋ ਬੜੇ ਹੀ ਖਾਸ ਮਹੱਤਵ ਪੂਰਨ ਬਿੰਦੂ ਮੰਨੇ ਜਾਣੇ ਚਾਹੀਦੇ ਹਨ। ਧਰਮ ਨੇ ਮਨੁੱਖ ਨੂੰ ਮਿਲ ਕੇ ਕੰਮ ਕਰਨਾ, ਸਮੂਹਕ ਕਿਰਤ ਦੀ ਆਦਤ ਪਾਈ। ਸਮੂਹ ਵਿੱਚ ਕੰਮ ਕਰਨ ਦੀ ਲੋੜ ਤੋਂ ਭਾਸਾ ਦਾ ਵਿਕਾਸ ਹੋਇਆ। ਇੱਕ ਦੂਜੇ ਤੱਕ ਗੱਲ ਪੁਚਾਉਣ ਲਈ ਸੰਚਾਰ ਦਾ ਵਿਕਾਸ ਹੋਇਆ ਤੇ ਇਸ ਤਰ੍ਹਾਂ ਅਸੀਂ ਆਪਣੀ ਵਰਤਮਾਨ ਸਮੇਂ ਤੱਕ ਪਹੁੰਚੇ ਹਾਂ। ਵਿਵਸਥਾ ਨੂੰ ਜਾਣ ਕੇ ਤੇ ਸਮਝ ਕੇ ਹੀ ਅਵਸਥਾ ਨੂੰ ਬਦਲਿਆ ਜਾ ਸਕਦਾ ਪਰ ਕੁਦਰਤ ਦੀ ਇਸ ਵਿਵਸਥਾ ਨੂੰ ਬਦਲਣਾ ਮੁਸ਼ਕਲ ਹੈ। ਸਬਜੀਆਂ, ਬੀਜਾਂ, ਫਲਾਂ ਦੇ ਅਕਾਰ, ਖੁਸ਼ਬੂ, ਰੰਗ, ਰੂਪ ਬਦਲੇ ਜਾ ਸਕਦੇ ਹਨ ਇਹ ਉਨ੍ਹਾਂ ਦੀ ਇੱਕ ਸਮੇਂ ਦੀ ਅਵਸਥਾ ਹੈ ਪਰ ਜਿਸ ਕੁਦਰਤ ਦੇ ਨਿਯਮ ਉਪਰ ਅਧਾਰਤ ਉਹ ਵਿਕਾਸ ਕਰਦੇ ਉਸ ਨਿਯਮ ਨੂੰ ਨਹੀਂ ਬਦਲਿਆ ਜਾ ਸਕਦਾ।
ਕੁਦਰਤ ਦੀ ਇਸ ਬਹੁ-ਪੱਖੀ, ਬਹੁ-ਮੰਤਵੀ ਤੇ ਵੱਡ ਅਕਾਰੀ ਵਿਵਸਥਾ ਦੀ ਥਾਹ ਲਾਉਣਾ ਤੇ ਸਮਝਣਾ ਮੁਸ਼ਕਲ ਹੈ। ਕਥਨਾ ਕਥੀ ਨਾ ਆਵੈ ਤੋਟਿ ਜਾਂ ਕੋਹ ਕਰੋੜੀ ਚਲਤਿ ਨਾ ਅੰਤਿ ਵਾਂਗ। ਧਰਤੀ ਦੀ ਆਪਣੀ ਗਤੀ ਸਾਡੇ ਬ੍ਰਹਿਮੰਡ ਵਿੱਚ 390 ਕਿਲੋਮੀਟਰ ਪ੍ਰਤੀ ਸਕਿੰਟ ਹੈ ਤੇ ਇਸ ਦੀ ਇਹ ਗਤੀ ਤੇ ਦਿਸ਼ਾ ਨੂੰ ਮਨੁੱਖ ਦੀ ਕੋਈ ਵਾਹ ਬਦਲ ਨਹੀਂ ਸਕਦੀ। ਸੂਰਜ ਮੰਡਲ ਆਪਣੇ ਵਰਗੇ ਲੱਖਾਂ ਤਾਰਾ ਸਮੂਹ ਦੇ ਨਾਲ ਉਸ ਗਲੈਕਸੀ ਦਾ ਹਿੱਸਾ ਹੈ ਜਿਹੜਾ ਬ੍ਰਹਿਮੰਡ ਵਿੱਚ ਉਡਦੀ ਜਾ ਰਹੀ ਹੈ। ਇਹ ਆਪਣੇ ਵਰਗੀਆਂ ਹੋਰ ਲੱਖਾਂ ਗਲੈਕਸੀਆਂ ਨਾਲ ਬ੍ਰਹਿਮੰਡ ਵਿੱਚ ਚੱਕਰ ਲਾ ਰਹੀ ਹੈ। ਇਹ ਸੱਭ ਕੁਝ ਕੁਦਰਤ ਦੇ ਉਨ੍ਹਾਂ ਨਿਯਮਾਂ ਦੇ ਆਧਾਰ ਤੇ ਵਾਪਰਦਾ ਹੈ ਜਿਸ ਨੂੰ ਅਸੀਂ ਕੁਦਰਤ ਦੀ ਵਿਵਸਥਾ ਆਖਦੇ ਹਾਂ। ਇਨ੍ਹਾਂ ਚੋਂ ਬਹੁਤਾ ਸਾਰੇ ਨਿਯਮਾਂ ਨੂੰ ਲੱਭਿਆ ਜਾ ਚੁਕਿਆ ਹੈ। ਕੁਝ ਨਿਯਮ ਹੁਣ ਪਤਾ ਲੱਗ ਰਹੇ ਹਨ। ਜਿਵੇਂ ਚੁੰਬਕੀ ਤਰੰਗਾਂ ਦਾ ਨਿਯਮ ਹਾਲੇ ਇਸੇ ਸਾਲੇ ਹੀ ਪਤਾ ਲੱਗਿਆ ਹੈ। ਬਲੈਕ ਹੋਲ ਦੇ ਨਾਲ ਸਬੰਧਤ ਬਹੁਤੀ ਜਾਣਕਾਰੀ ਮਿਲ ਗਈ ਹੈ। ਬ੍ਰਹਮੰਡਿ ਦੀ ਉਤਪਤੀ ਬਾਰੇ ਜ਼ਮੀਨ ਦੇ ਹੇਠਾਂ ਯੂਰੋਪ ਵਿੱਚ ਜਿਹੜਾ ਕਈ ਕਿਲੋਮੀਟਰ ਲੰਬੀ ਸੁਰੰਗ ਵਿੱਚ ਤਜਰਬਾ ਕੀਤਾ ਗਿਆ ਉਹ ਬਿਗ ਬੈਂਗ ਦੇ ਸਿਧਾਂਤ ਨੂੰ ਪਰਖਣ ਵਾਸਤੇ ਸੀ। ਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਗਿਆਨੀਆਂ ਦਾ ਇੱਕ ਅੰਦਾਜ਼ਾ ਸਹੀ ਸਾਬਤ ਹੋਇਆ ਹੈ ਕਿ ਬਿੱਗ ਬੈਂਗ ਕਿਸ ਤਰ੍ਹਾਂ ਹੋਇਆ ਤੇ ਉਸ ਤੋਂ ਕਿਵੇਂ ਸ਼੍ਰਿਸ਼ਟੀ ਆਪਣੀ ਹੋਂਦ ਵਿੱਚ ਆਈ ਐਟਮੀ ਦੇ ਇੱਕ ਨਵੇਂ ਕਣ ਦੀ ਖੋਜ ਹੋਈ ਜਿਸ ਨੂੰ ਬੋਸੋਨ ਕਣ ਕਿਹਾ ਗਿਆ। ਵਿਗਿਆਨੀਆਂ ਨੇ ਉਸ ਦਾ ਨਾਂ ਗਾਡ ਪਾਰਟੀਕਲ ਰੱਖਿਆ, ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਸ਼ਾਇਦ ਉਨ੍ਹਾਂ ਰੱਬ ਦੀ ਖੋਜ ਕਰ ਲਈ ਹੈ। ਪਰ ਇਹ ਸਿਰਫ ਇੱਕ ਨਾਂ ਸੀ ਜੋ ਵਿਗਿਆਨੀਆਂ ਨੇ ਉਸ ਕਣ ਨੂੰ ਦਿਤਾ। ਜੇ ਦੇਖਿਆ ਜਾਵੇ ਰੱਬ, ਪ੍ਰਮਾਤਮਾ, ਅੱਲਾ, ਵਾਹਿਗੁਰੂ, , ਗਾਡ ਇਹ ਸੱਭ ਵੱਖੋ ਵੱਖਰੀਆਂ ਭਾਸਾਵਾਂ ਦੇ ਸ਼ਬਦ ਹਨ ਜਿਹੜੇ ਮਨੁੱਖ ਨੇ ਉਸ ਵਿਵਸਥਾ ਵਾਸਤੇ ਵਰਤੇ ਹਨ। ਇਹ ਮਹਿਜ਼ ਨਾਂ ਹਨ, ਸਾਰੇ ਨਾਂ ਸ਼ਬਦ ਹੁੰਦੇ ਹਨ ਤੇ ਇਹ ਸਾਰੇ ਸ਼ਬਦ ਭਾਸ਼ਾ ਚੋਂ ਪੈਦਾ ਹੁੰਦੇ ਹਨ। ਸਾਰੀਆਂ ਭਾਸ਼ਾਵਾਂ ਮਨੁੱਖ ਨੇ ਘੜੀਆਂ ਹਨ। ਸੋ ਇਹ ਨਾਂ ਵੀ ਮਨੁੱਖ ਦੀ ਦੇਣ ਹਨ। ਇਨ੍ਹਾਂ ਨੂੰ ਕੰਪਿਊਟਰ ਦੀ ਸਕਰੀਨ ਉਪਰ ਬਣੇ ਆਈਕਨ ਨਾਲ ਮਿਲਾ ਕੇ ਸਮਝਿਆ ਜਾ ਸਕਦਾ ਹੈ। ਸਾਰੇ ਆਇਕਨ ਜੋ ਤੁਹਾਨੂੰ ਸਕਰੀਨ ਉਪਰ ਨਜ਼ਰ ਆਉਂਦੇ ਹਨ ਇਹ ਉਸ ਤਕਨੋਲੋਜੀ ਦੇ ਵਰਤਾਰੇ ਦੇ ਪ੍ਰਤੀਕ ਵੱਜੋਂ ਹਨ ਜਿਹੜੀ ਇਨ੍ਹਾਂ ਨੂੰ ਕਲਿਕ ਕਰਨ ਨਾਲ ਕੰਮ ਕਰਨ ਲੱਗਦੀ ਹੈ।
ਸੋ ਇਸ ਬਾਰੇ ਸਾਨੂੰ ਕਿਸੇ ਭਰਮ ਜਾਂ ਭੁਲੇਖੇ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ। ਸਾਰੇ ਦੇਵੀ ਦੇਵਤੇ ਵੀ ਕੁਦਰਤ ਦੇ ਕਿਸੇ ਨਾ ਕਿਸੇ ਵਰਤਾਰੇ ਦੀ ਹੀ ਪ੍ਰਤੀਨਿਧਤਾ ਕਰਦੇ ਹਨ। ਇਹ ਉਸ ਵਿਵਸਥਾ ਦੇ ਪ੍ਰਤੀਕ ਹਨ। ਸਾਨੂੰ ਇਨ੍ਹਾਂ ਚੋਂ ਉਹੀ ਵਿਵਸਥਾ ਨਜ਼ਰ ਆਉਂਣੀ ਚਾਹੀਦੀ ਹੈ। ਜੇ ਮੇਰੀ ਗੱਲ ਦਾ ਯਕੀਨ ਨਹੀਂ ਤਾਂ ਭਗਤ ਕਬੀਰ ਜੀ ਦੀ ਇਹ ਖੂਬਸੂਰਤ ਤਸ਼ਬੀਹ ਦੇਖ ਲਵੋ, ਸਮਝ ਆ ਜਾਏਗੀ-
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ 
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ
 ॥੧॥
ਭੂਲੀ ਮਾਲਨੀ ਹੈ ਏਉ  ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ 
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ
 
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ
 ॥੨॥
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ
 
ਜੇ ਏਹ ਮੂਰਤਿ
  ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ
 
ਭੋਗਨਹਾਰੇ ਭੋਗਿਆ ਇਸੁ
  ਮੂਰਤਿ ਕੇ ਮੁਖ ਛਾਰੁ ॥੪॥
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ
 
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ
  ਕਰਿ ਹਰਿ ਰਾਇ ॥੫॥੧॥੧੪॥
ਬ੍ਰਹਮ ਪਾਤੀ, ਭਾਵ ਪੱਤਿਆਂ ਵਿੱਚ ਬ੍ਰਹਮ ਦਾ ਨਿਵਾਸ ਹੈ, ਬਿਸਨ ਡਾਰੀ, ਵਿਸ਼ਨੂੰ ਟਾਹਣੀ ਵਿੱਚ ਹੈ, ਫੂਲ ਸੰਕਰ ਦੇਊ, ਤੇ ਸ਼ੰਕਰ ਦੇਵਤਾ ਫੁੱਲ ਵਿੱਚ ਮੋਜੂਦ ਹੈ। ਤਿੰਨ ਦੇਵਤੇ ਜਿਹੜੇ ਪ੍ਰਤਖ ਨਜ਼ਰ ਆਉਂਦੇ ਹਨ ਹੇ ਮਾਲਣ ਉਹ ਤੂੰ ਤੋੜੀ ਜਾ ਰਹੀ ਹੈਂ, ਕਿਸ ਦੀ ਸੇਵਾ ਕਰਨਾ ਚਾਹੁੰਦੀ ਹੈਂ। ਕਬੀਰ ਜੀ ਦੇ ਇਸ ਸਧਾਰਨ ਦਿਖਾਈ ਦੇਣ ਵਾਲੇ ਸ਼ਬਦ ਵਿੱਚ ਉਹ ਚਾਬੀ ਮੋਜੂਦ ਹੈ ਜਿਸ ਨਾਲ ਗੁਰਬਾਣੀ ਦੇ ਸਾਰੇ ਤਾਲੇ ਖੋਲ੍ਹੇ ਜਾ ਸਕਦੇ ਹਨ। ਬ੍ਰਹਮਾ ਉਤਪਤੀ ਦਾ ਦੇਵਤਾ ਜਰੂਰ ਹੈ ਪਰ ਇਥੇ ਵਿਵਸਥਾ ਦੇ ਉਨ੍ਹਾਂ ਨਿਯਮਾਂ ਨੂੰ ਹੀ ਬ੍ਰਹਮ ਕਿਹਾ ਗਿਆ ਹੈ ਜੋ ਉਤਪਤੀ ਦੇ ਨਿਯਮਾਂ ਦਾ ਸੰਚਾਲਨ ਕਰਦਾ ਹੈ, ਤੇ ਪਾਲਣ ਪੋਸ਼ਣ ਤੇ ਵਧਣ ਫੁੱਲਣ ਦੇ ਨਿਯਮਾਂ ਨੂੰ ਵਿਸ਼ਨੂੰ ਕਿਹਾ ਗਿਆ ਹੈ, ਤੇ ਫੁੱਲ ਕਿਉਂ ਕਿ ਕਿਸੇ ਪੌਦੇ ਦਾ ਲਿੰਗ ਹੈ, ਇਸ ਲਈ ਇਹ ਲੈਂਗਿਕ ਕ੍ਰਿਆਵਾਂ (reproductive system) ਨੂੰ ਦਰਸਾਉਂਦਾ ਹੈ ਸੋ ਇਸ ਵਿੱਚ ਸ਼ੰਕਰ ਦਾ ਨਿਵਾਸ ਮੰਨਿਆ ਗਿਆ ਹੈ। ਮਸਲਨ ਇਹ ਦੇਵੀ ਦੇਵਤੇ ਮਹਿਜ਼ ਕੁਦਰਤ ਦੇ ਵਰਤਾਰਿਆਂ ਦੇ ਪ੍ਰਤੀਕ ਰੂਪ ਹਨ। ਜਦੋਂ ਅਸੀਂ ਆਪਣੀ ਬੋਲੀ ਵਿੱਚ ਆਖਦੇ ਹਾਂ ਕਿ ਰੱਬ ਦਾ ਭੈਅ ਤਾਂ ਇਸ ਦਾ ਮਤਲਬ ਹੁੰਦਾ ਹੈ, ਵਿਵਸਥਾ ਦੇ ਨਿਯਮਾਂ ਦਾ ਡਰ, ਇਹ ਵਿਵਸਥਾ ਕਿਸੇ ਦਾ ਲਿਹਾਜ ਨਹੀਂ ਕਰਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਜਾਤ ਪਾਤ ਨੂੰ ਵੀ ਪ੍ਰਵਾਨ ਨਹੀਂ ਕਰਦੀ, ਕਿਸੇ ਦੀ ਅਧੀਨਗੀ ਨਹੀਂ ਲੈਂਦੀ ਤੇ ਆਪਣੇ ਨਿਯਮਾਂ ਵਿੱਚ ਹੀ ਵਿਗਸਦੀ ਹੈ। ਇਹ ਸਮਝਣ ਦੀ ਲੋੜ ਹੈ। ਕੋਈ ਪਾਠ ਕੋਈ ਧਾਰਮਕ ਪੂਜਾ ਇਸ ਨੂੰ ਖੁਸ਼ ਨਹੀਂ ਕਰ ਸਕਦੀ। ਤੁਸੀਂ ਆਪਣੀ ਧਾਰਮਕ ਕ੍ਰਿਆਵਾਂ ਨਾਲ ਇਸ ਵਿਵਸਥਾ ਨੂੰ ਭੋਰਾ ਵੀ ਬਦਲ ਨਹੀਂ ਸਕਦੇ। ਇਸ ਨੂੰ ਪ੍ਰਵਾਨ ਕਰਨ ਵਿੱਚ ਤੁਹਾਡੀ ਭਲਾਈ ਹੈ।